ਸੱਧਰ | Wish

ਕਲਮ ਸਿਆਹੀ ਤੇ ਕੁਝ ਵਰਕੇ, ਜ਼ਿਹਨ ਸੋਚ ਸਭ ਕੱਠੇਆਂ ਕਰਕੇ
ਅੱਖਰ ਸਤਰਾਂ ਕੁਝ ਫ਼ਿਕਰੇ ਜੋੜਾਂ, ਰੂਹ ਫਿਰ ਕਵਿਤਾ ਵਾਲ ਮੋੜਾਂ
ਪਰ ਲੇਖਣੀ ਦੀ ਕਿਸ ਪਰਤ ਨੂ ਛੋਹਾਂ, ਤੇ ਸੋਚ ਦਾ ਕਿਹੜਾ ਪਹਲੂ ਛੇੜਾਂ
ਸਿਰਜਾਂ ਸੁੱਖਾਂ ਦੀ ਸੁਰਖ ਬਗੀਚੀ, ਜਾਂ ਦੁੱਖਾਂ ਦਾ ਕੋਈ ਸੱਖਣਾ ਵੇਹੜਾ
 
ਲਿਖਾਂ ਗੱਲ ਕੋਈ ਹੁਸਨਾਂ ਵਾਲੀ, ਜਿਓਂ ਚਾਨਣੀ ਕਾਲੀ ਰਾਤ ਨੇ ਪਾਲੀ
ਚੰਨ ਤਾਰਿਆਂ ਦੇ ਨਾਲ ਸੰਵਰੀ, ਰਾਤਾਂ ਵਾਲੀ ਚਾਦਰ ਕਾਲੀ
ਦਿਨ ਜਿਓਂ ਕੋਈ ਭਾਗਾਂ ਵਾਲਾ, ਮੀਂਹ ਸੌਣ ਦਾ ਪੋਹ ਦਾ ਪਾਲਾ
 
ਜਾਂ ਜ਼ਿਕਰ ਕਰਾਂ ਮੁਟਿਆਰ ਕਿਸੇ ਦਾ, ਮੁੱਖ ਚੰਨ, ਫੁੱਲ, ਜਾਂ ਦੀਵਾ ਜਿਸਦਾ
ਜਿਓਂ ਸੁਫ਼ਨੇ ਜੇਹੀ ਕੋਈ ਸੱਜਰੀ ਮੂਰਤ, ਹੋਵੇ ਸ਼ਰਮ ਹਯਾ ਨੇ ਕੱਜੀ
ਵਾਰਿਸ ਦੀ ਯਾਂ ਹੀਰ ਸਲੇਟੀ, ਇਸ਼ਕ ਦੋਸ਼ਾਲੇ ਦੇ ਨਾਲ ਸੱਜੀ
 
ਪਰ ਐਸੀ ਨਾ ਕੋਈ ਡਿੱਠੀ ਹੀਰ, ਜੋ ਬੰਦਿਓ ਸਾਨੂੰ ਕਰੇ ਫਕੀਰ
ਰਾਂਝਾ ਕਰਕੇ ਕੰਨ ਪੜਵਾਏ, ਸ਼ਾਅਰ ਕਰ ਸਾਥੋਂ ਗੀਤ ਲਿਖਾਏ
 
ਲਿਖਾਂ ਗੀਤ ਕੋਈ ਚਾਅ-ਵਿਹੋਣਾ, ਮਾਂ ਬਾਜੋਂ  ਜੋਂ ਬਾਲ ਦਾ ਰੋਣਾ
ਮਮਤਾ ਜਿਸਦੀ ਸੱਖਣੀ ਝੋਲੀ, ਸੁਫ਼ਨਾ ਹੋਈ ਓਹ ਥਥੀ ਬੋਲੀ
ਨਾਰ ਨਵੇਲੀ ਦੇ ਉਖੜੇ ਬੋਲ, ਜਿਹਦਾ ਅੱਲ੍ਹੜ ਇਸ਼ਕੇ ਰੁੱਸਆ ਢੋਲ
 
ਜਾਂ ਸੁੰਨਾ ਕੋਈ ਦਰਦ ਸਾਹੇੜਾਂ, ਜਿਓਂ ਪਰਦੇਸ ਗਿਆਂ ਦਾ ਸੱਖਣਾ ਵੇਹੜਾ
ਅਂਬੀ ਜਿਸਦੀ ਸੁੱਕ ਕੇ ਮੋਈ, ਚੀਕੇ ਚਰਖਾ ਨ ਕੱਤੇ ਕੋਈ
ਜਿਓਂ ਰਾਂਝਣ ਦੀ ਕੋਈ ਹੀਰ ਸਲੇਟੀ ਨਿਓਂ ਲਾਕੇ ਪਰਦੇਸਣ ਹੋਈ
 
ਪਰ ਐਸੀ ਨਾ ਕੋਈ ਡਿੱਠੀ ਪੀੜ, ਨਾ ਹਿਜਰਾਂ ਵਾਲਾ ਖਾਦਾ ਤੀਰ
ਜੋ ਬਿਰਹਾ ਦਾ ਰਾਹਗੀਰ ਬਣਾਏ, ਸ਼ਾਅਰ ਕਰ ਸਾਥੋਂ ਗੀਤ ਲਿਖਾਏ
 
ਨਾ ਹੁਸਨਾਂ ਵਾਲਾ ਸੌਣ ਮਾਣਿਆ, ਨਾ ਦਰਦਾਂ ਵਾਲੇ ਚੇਤ ਹੰਡਾਏ
ਸੋਚਾਂ ਦੇ ਵੱਸ ਮਨ ਹੋਏਆ, ਮਨਮੋਹਣਾ ਲਿਖਿਆ ਨ ਜਾਏ
ਕੋਈ ਅਂਬਰੋਂ ਉਤਰੇ ਹੁਸਨ ਅਵੱਲਾ, ਦਿਲ ਸਾਡੇ ਵਿੱਚ ਕੁੱਲੀ ਪਾਏ
ਜੀ ਲੋਚੇ ਐਸਾ ਇਸ਼ਕ ਹੰਡਾਈਏ, ਸ਼ਾਅਰ ਕਰ ਸਾਥੋਂ ਗੀਤ ਲਿਖਾਏ
 
ਸ਼ਾਅਰ ਕਰ ਸਾਥੋਂ ਗੀਤ ਲਿਖਾਏ


© Copyright @ Taran 2023

Comments