ਸ਼ਿਵ | Shiv

ਰਾਤੀਂ ਸੁੱਤਿਆਂ ਚੰਨ ਦੀ ਛਾਵੇਂ
ਤਾਰਿਆਂ ਦੀ ਲੌਅ ਟਾਵੇਂ ਟਾਵੇਂ
ਜ਼ਿਹਨ ਸਾਡੇ ਇੱਕ ਬਾਗ਼ ਰਚਾਇਆ
ਸੋਚ ਸੁੱਚੜੀ ਦਾ ਬੂਟਾ ਲਾਇਆ
ਪੁੰਗਰੇ ਅੱਖਰਾਂ ਦੇ ਸਾਵੇ ਪੱਤਰ
ਨਜ਼ਰ ‘ਉਸ’ ਦੀ ਜਦ ਉਸ ਉੱਪਰ
ਵਰਸੀ ਬਣ ਸਿਝੀ ਬਦਲੋਈ
ਸੋਚ ਮੇਰੀ ਸੀ ਕਵਿਤਾ ਹੋਈ

ਅੱਜ ਫਿਰ ਦਿਲ ਸਾਨੂੰ ਆ ਕਿਹੰਦਐ
ਸੋਚਾਂ ਵਾਲੀ ਕਲਮ ਚਲਾਵਾਂ
ਜ਼ਿਹਨ ਦੇ ਕੋਰੇ ਵਰਕੇ ਉੱਤੇ
ਸੱਧਰਾਂ ਦੇ ਕੁਝ ਹਰਫ਼ ਸਜਾਵਾਂ
ਅੱਖਰਾਂ ਦੀ ਸੱਟ ਮਾਰਾਂ ਸੀਨੇ
ਅੱਖੀਆਂ ਚੋਂ ਹੰਜੂ ਲੈ ਆਵਾਂ
ਲਾਵਾਂ ਸੁੱਚੜੀ ਕੋਈ ਸੋਚ-ਉਡਾਰੀ
ਸ਼ਿਵ ਜਿਹੀ ਕੋਈ ਗੱਲ ਕਿਹ ਜਾਵਾਂ

ਜ਼ਿਹਨ ਸਾਡੇ ਫਿਰ ਬਾਗ਼ ਰਚਾਇਆ
ਸੋਚਾਂ ਵਾਲਾ ਬੂਟਾ ਲਾਇਆ
ਪਰ ਹੁਣ ਨਾ ਵਰਸੀ ਬਦਲੋਈ
ਉਡੀਕਾਂ, ਪੱਤਰ ਨੂ ਪੁੰਗਰੇ ਕੋਈ
ਸੋਚਾਂ ਵਾਲੇ ਦੀਵੇ ਬੁੱਝੇ
ਸੱਤਰ ਕੋਈ ਨਾ ਸਾਨੂੰ ਸੁਝੇ
ਸੋਚ ਕੇਹੀ ਇਹ ਕੋਝੀ ਪਾਲੀ
ਕੇਹੀ ਡਾਢੀ ਗਲਤੀ ਕਰ ਬੈਠਾਂ
ਦੋ ਸਤਰਾਂ ਹੀ ਜੁੜਿਆਂ ਹਾਲੇ
ਦੂਜੀ ਕਾਵੀਤੇ ਸ਼ਿਵ ਬਣ ਬੈਠਾਂ

ਮਿਰਜ਼ੇ ਵਾਲੇ ਫੱਟ ਖਾਣੇ ਤੇ
ਰਾਂਝੇ ਵਾਲਾ ਇਸ਼ਕ ਕਮਾਣਾਂ
ਪੁੰਨੂ ਵਾਂਗ ਥੱਲਾਂ ਵਿੱਚ ਰੁਲਣਾ
ਮਹੀਵਾਲ ਬਣ ਪੱਟ ਚਿਰਾਣਾ
ਸ਼ਿਕਰੇ ਉੱਡਦੇ ਯਾਰ ਬਣਾਣੇ
ਤੇ ਦਿਲ ਦਾ ਆਪਣੇ ਮਾਂਸ ਖਵਾਣਾਂ
ਸੋਖਾ ਨਹੀੰ ਹੈ ਸ਼ਿਵ ਹੋ ਜਾਣਾ

ਕਈ ਸੋਚ ਸਮੰਦਰ ਸਰ ਕਰਨੇ ਨੇ
ਗੀਤ ਕਈ ਜਿਓਣੇ ਮਰਨੇ ਨੇ
ਕਈ ਸਤਰਾਂ ਪਰਵਾਨ ਹੈ ਚੜਨਾ
ਲਫ਼ਜ਼ਾਂ ਦਾ ਨਿਰਮਾਣ ਹੈ ਕਰਨਾ
ਜ਼ਿੰਦਗੀ ਨੂੰ ਕੁਝ ਕੋਲੋਂ ਤੱਕ ਕੇ
ਜਾਂ ਕੋਈ ਇਸ਼ਕ ਹਕੀਕੀ ਚਖ ਕੇ
ਹਿਜਰ ਕਿਸੇ ਦੀ ਪਰਕਰਮਾ ਵਾਲਾ
ਰਾਹ ਚੰਦਰਾ ਨਹੀੰ ਫੜਿਆ ਜਾਣਾ
ਸਾਥੋਂ ਸ਼ਿਵ ਨਹੀੰ ਬਣਿਆ ਜਾਣਾ

ਫਿਰ ਵੀ ਸੱਧਰ ਇਹ ਸਿੱਧੜੀ ਮੁੜ ਮੁੜ
ਦਿਲ ਦੇ ਵੇਹੜੇ ਆਣ ਖਲੋਵੇ
ਨਿਖਰੇ ਐਸੀ ਸੋਚ ਨਰੋਈ
ਰੱਬ ਦੀ ਜੇਓਂ ਕੋਈ ਆਮਦ ਹੋਵੇ

ਇਸ ਤੋਂ ਪਿਹਲਾਂ ਮੌਤ ਦੀ ਡੋਲੀ
ਆਣ ਪੁੱਛੇ ਸਾਡਾ ਸਿਰਨਾਵਾਂ

ਸ਼ਿਵ ਜਿਹੀ ਕੋਈ ਗੱਲ ਕਿਹ ਜਾਵਾਂ
ਸ਼ਿਵ ਜਿਹੀ ਕੋਈ ਗੱਲ ਕਿਹ ਜਾਵਾਂ


© Copyright @ Taran 2023

Comments