ਕੁਝ ਦਾਣੇ ਗਿੱਲੇ ਤੇ ਕੁਝ ਜੰਦੇ ਢਿੱਲੇ,
ਕਿਤੇ ਹੋਏ ਨਾ ਹੀਲੇ ਕਿਤੇ ਵੱਸ ਨਾ ਚੱਲੇ
ਰੱਬ ਦਿੱਤੀ ਦਾਤ ਜੇਹਾ ਓਹ ਖਵਾਬ ਗਵਾ ਲਿਆ
ਕੁਝ ਤਕਦੀਰਾਂ ਸਾਥੋਂ ਖੋਹ ਲਿਆ, ਕੁਝ ਅਸੀਂ ਆਪ ਗਵਾ ਲਿਆ
ਪਹਲੋਂ ਪੈਰੋਕਾਰਾਂ ਮਜ਼ਬਾਂ ਦੇ ਨਾ ਤੇ ਵੰਡਿਆ
ਜੋ ਬੱਚਿਆ ਓਹ ਬੋਲੀਆਂ ਦੇ ਛੱਜ ਪਾ ਛੰਡਿਆ
ਸਾਡੇ ਵੰਡੇ ਗਏ ਪਹਾੜ, ਤੇ ਅਸੀਂ ਚਿਨਾਬ ਗਵਾ ਲਿਆ
ਕੁਝ ਤਕਦੀਰਾਂ ਸਾਥੋਂ ਖੋਹ ਲਿਆ, ਕੁਝ ਅਸੀਂ ਆਪ ਗਵਾ ਲਿਆ
ਸਾਨੂ ਗੁਰੂਆਂ ਦਿੱਤੀ ਬਾਣੀ ਰਾਗਾਂ ਨਾਲ ਸ਼ਿੰਗਾਰੀ
ਸਹਿਤ ਦੇ ਸਫਿਆਂ ਡਿੱਠੇ ਕਈ ਹਸਤਾਖਰ ਭਾਰੀ
ਓਹ ਕਲਮ ਵੀ ਹੱਥੋਂ ਖੁੰਝ ਗਈ, ਤੇ ਓਹ ਰਬਾਬ ਗਵਾ ਲਿਆ
ਕੁਝ ਤਕਦੀਰਾਂ ਸਾਥੋਂ ਖੋਹ ਲਿਆ, ਕੁਝ ਅਸੀਂ ਆਪ ਗਵਾ ਲਿਆ
ਕਦੇ ਜੌਹਰ, ਸਿਦਕ ਤੇ ਇਲਮ ਦੇ ਬਣ ਪਰਚਮ ਝੁੱਲੇ
ਅੱਜ ਸੱਤ ਪੱਤਣਾਂ ਦੇ ਤਾਰੂ ਥਲ ਨਸ਼ਿਆਂ ਦੇ ਰੁਲੇ
ਅਸੀਂ ਅਣਖਾਂ ਗਏ ਵਿਸਾਰ, ਤੇ
ਓਹ ਰੂਆਬ ਗਵਾ ਲਿਆ
ਕੁਝ ਤਕਦੀਰਾਂ ਸਾਥੋਂ ਖੋਹ ਲਿਆ, ਕੁਝ ਅਸੀਂ ਆਪ ਗਵਾ ਲਿਆ
ਜਿਸ ਕੌਮ ਨੇ ਕੀਤੀ ਰਾਖੀ ਉਸ ਗਲ ਪਾਏ ਫਾਹੇ
ਇਨ੍ਹਾਂ ਦਾਨਸ਼ਮੰਦਾਂ ਵੱਡਿਆਂ ਥੀਂ ਕੋਈ ਜਾ ਸਮਝਾਏ
ਜਿਹੜੇ ਵਾੜ ਦੇ ਵੈਰੀ ਹੋ ਗਏ, ਓਹਨਾਂ
ਬਾਗ਼ ਗਵਾ ਲਿਆ
ਕੁਝ ਤਕਦੀਰਾਂ ਸਾਥੋਂ ਖੋਹ ਲਿਆ, ਕੁਝ ਅਸੀਂ ਆਪ ਗਵਾ ਲਿਆ
ਜਿਹੜਾ ਵਿੱਚ ਕਿਤਾਬਾਂ ਪੜਿਆ ਸੀ ਓਹ
ਪੰਜਾਬ ਗਵਾ ਲਿਆ
© Copyright @ Taran 2023
Comments
Post a Comment